Real Info

Indian Teachers => Teachers News => Topic started by: Gaurav Rathore on May 15, 2018, 04:34:55 PM

Title: Amar Shahid Sukhdev
Post by: Gaurav Rathore on May 15, 2018, 04:34:55 PM


ਸ਼ਹੀਦ ਸੁਖਦੇਵ ਅਮਰ ਰਹੇ !
ਅੱਜ ਸ਼ਹੀਦ ਸੁਖਦੇਵ ਜੀ ਦਾ ਜਨਮ ਦਿਨ ਹੈ !
---ਸ਼ਿਵ ਵਰਮਾ----

{ਭਗਤ ਸਿੰਘ ਦੇ ਨੇੜਲੇ ਸਾਥੀ ਤੇ ਹਿੰਦੋਸਤਾਨ ਸੋਸ਼ਲਿਸਟ ਰਿਬਲਿਕਨ ਆਰਮੀ ਦੀਆਂ ਆਗੂ ਕਤਾਰਾਂ ਵਿਚਲੇ ਸ਼ਹੀਦ ਸੁਖਦੇਵ ਦਾ 15 ਮਈ ਨੂੰ 111ਵਾਂ ਜਨਮ ਦਿਨ ਹੈ। ਉਹਨਾਂ ਨੂੰ 23 ਮਾਰਚ 1931 ਨੂੰ ਭਗਤ ਸਿੰਘ ਤੇ ਰਾਜਗੁਰੂ ਸਮੇਤ ਫਾਂਸੀ ਦਿੱਤੀ ਗਈ ਸੀ। ਉਹਨਾਂ ਦੇ ਜਨਮ ਦਿਨ ਮੌਕੇ ਅਸੀਂ ਲਲਕਾਰ ਦੇ ਪਾਠਕਾਂ ਲਈ ਉਹਨਾਂ ਦੇ ਸਾਥੀ ਸ਼ਿਵ ਵਰਮਾਂ ਵੱਲੋਂ ਲਿਖੀਆਂ ਯਾਦਾਂ ਵਿੱਚੋਂ ਕੁੱਝ ਅੰਸ਼ ਪੇਸ਼ ਕਰ ਰਹੇ ਹਾਂ। ਸੰਪਾਦਕ}

ਦੂਸਰਿਆਂ ਸਾਹਮਣੇ ਰੋਣਾ, ਕਿਸੇ ਤਰ੍ਹਾਂ ਦੀ ਮਮਤਾ ਜਾਹਿਰ ਕਰਨਾ, ਚਾਹੁਣ ਜਾਂ ਹਮਦਰਦੀ ਦਾ ਪਾਤਰ ਬਣਨ ਨੂੰ ਉਹ ਕਮਜੋਰੀ ਸਮਝਦਾ ਸੀ। ਇਸਦਾ ਮਤਲਬ ਇਹ ਨਹੀਂ ਸੀ ਕਿ ਉਸ ਨੂੰ ਕਿਸੇ ਨਾਲ਼ ਲਗਾਅ ਨਹੀਂ ਸੀ ਜਾਂ ਉਹ ਕਦੇ ਰੋਇਆ ਹੀ ਨਹੀਂ ਸੀ। ਉਹ ਦਲ ਦੇ ਸਾਰੇ ਸਾਥੀਆਂ ਦੇ ਅਰਾਮ ਅਤੇ ਤਕਲੀਫਾਂ ਬਾਰੇ ਬਹੁਤ ਪ੍ਰੇਸ਼ਾਨ ਰਹਿੰਦਾ ਸੀ। ਪਰ ਆਪਣੇ ਬਾਰੇ ਉਸਦਾ ਰਵੱਈਆ ਕੋਈ ਪ੍ਰਵਾਹ ਨਹੀਂ ਜਾਂ ਮੇਰੀ ਬਲਾ ਜਾਣੇ ਵਾਲ਼ਾ ਹੁੰਦਾ ਸੀ। ਜਿਆਦਾਤਰ ਸਾਥੀ ਵੀ ਉਸ ਦੀ ਇਸ ਆਦਤ ਤੋਂ ਜਾਣੂ ਸਨ ਅਤੇ ਇਸ ਲਈ ਉਸ ਦੇ ਜ਼ਿੱਦੀ ਅਤੇ ਸਨਕੀ ਹੋਣ ਦੇ ਬਾਵਜੂਦ ਕੁੱਝ ਨੂੰ ਛੱਡ ਕੇ ਬਾਕੀ ਸਾਰਿਆਂ ਦਾ ਲਗਾਅ ਅੰਤ ਤੱਕ ਉਸ ਨਾਲ਼ ਬਣਿਆ ਰਿਹਾ।

ਦਲ ਵਿੱਚ ਆਉਣ ਤੋਂ ਬਾਅਦ ਪਾਰਟੀ ਦੀ ਭਲਾਈ ਅਤੇ ਆਦਰਸ਼ ਦੀ ਪੂਰਤੀ, ਇਨ੍ਹਾਂ ਦੋਵਾਂ ਸਾਹਮਣੇ ਦੂਸਰੇ ਕਿਸੇ ਖਿਆਲ ਨੂੰ ਉਸ ਨੇ ਇੱਕ ਪਲ ਲਈ ਵੀ ਆਪਣੇ ਤੇ ਹਾਵੀ ਨਾ ਹੋਣ ਦਿੱਤਾ। ਅਰਾਮ, ਤਕਲੀਫ, ਖਾਣ-ਪਹਿਨਣ ਦਾ ਸ਼ੌਂਕ, ਪਿਆਰ-ਮੁਹੱਬਤ, ਦੋਸਤਾਂ ਪ੍ਰਤੀ ਲਗਾਅ ਆਦਿ ਇਨਸਾਨ ਦੀਆਂ ਸੁਭਾਵਿਕ ਪ੍ਰਵਿਰਤੀਆਂ ਸੁਖਦੇਵ ਵਿੱਚ ਵੀ ਸਨ, ਪਰ ਉਸ ਦੀ ਜ਼ਿੰਦਗੀ ਵਿੱਚ ਇਹਨਾਂ ਸਾਰਿਆਂ ਦੀ ਜਗ੍ਹਾ ਆਦਰਸ਼ ਤੋਂ ਹੇਠਾਂ ਸੀ।

ਨਿੱਜੀ ਤੌਰ ਤੇ ਉਸ ਨੂੰ ਸਭ ਤੋਂ ਵੱਧ ਮੋਹ ਭਗਤ ਸਿੰਘ ਨਾਲ ਸੀ। ਪਿਆਰ ਨਾਂ ਦੀ ਜੋ ਪੂੰਜੀ ਉਸ ਕੋਲ਼ ਸੀ, ਉਹ ਸਾਰੀ ਦੀ ਸਾਰੀ ਉਸਨੇ ਭਗਤ ਸਿੰਘ ਨੂੰ ਹੀ ਸੌਂਪੀ ਸੀ। ਜਦੋਂ ਆਗਰੇ ਜਾਂ ਗਵਾਲੀਅਰ ਵਿਖੇ ਸੁਖਦੇਵ ਆ ਜਾਂਦਾ ਤਾਂ ਇਹ ਦੋਵੇਂ ਇੱਕ-ਦੂਜੇ ਨੂੰ ਇਸ ਤਰ੍ਹਾਂ ਲਿਪਟ ਜਾਂਦੇ ਕਿ ਜਿਵੇਂ ਹਰ ਕੋਈ ਹੋਵੇ ਹੀ ਨਾ। ਇੱਕ ਕੋਨੇ ਵਿੱਚ ਬੈਠ ਕੰਗਲਾਂ ਕਰਨ ਵਿੱਚ ਉਹ ਰਾਤਾਂ ਗੁਜਾਰ ਦਿੰਦੇ। ਰਾਜਸੀ ਸਿਧਾਂਤਾਂਂ ਤੋਂ ਲੈ ਕੇ ਪੰਜਾਬ ਦੀਆਂ ਵੱਖੋ-ਵੱਖਰੀਆਂ ਪਾਰਟੀਆਂ, ਵੱਖਰੋ-ਵੱਖਰੇ ਆਗੂਆਂ ਅਤੇ ਕਾਰਕੁੰਨਾਂ ਦੀਆਂ ਸਰਗਰਮੀਆਂ ਆਦਿ ਸਭ ਗੱਲਾਂ ਉੱਪਰ ਟੀਕਾ-ਟਿੱਪਣੀ ਹੁੰਦੀ। ਮੌਕਾ ਆਉਣ ਤੇ ਆਦਰਸ਼ ਖਾਤਰ ਆਪਣੇ ਇਸ ਸਭ ਤੋਂ ਪਿਆਰੇ ਦੋਸਤ ਨੂੰ ਵੀ ਮੌਤ ਦੇ ਮੂੰਹ ਵਿੱਚ ਭੇਜਣ ਲੱਗਿਆਂ ਉਸਨੇ ਸੰਕੋਚ ਨਾ ਕੀਤਾ।

ਭਗਤ ਸਿੰਘ ਦੇ ਮੁਕਾਬਲੇ ਸੁਖਦੇਵ ਘੱਟ ਪੜ੍ਹਦਾ-ਲਿਖਦਾ ਸੀ, ਪਰ ਉਸਦੀ ਯਾਦ ਸ਼ਕਤੀ ਬਹੁਤ ਤੇਜ ਸੀ। ਆਮ ਤੌਰ ਤੇ ਫਲਸਫੇ ਜਾਂ ਸਿਧਾਂਤ ਦੀਆਂ ਜਿਹੜੀਆਂ ਕਿਤਾਬਾਂ ਨੂੰ ਦੂਸਰੇ ਸਾਥੀ ਹਫਤਿਆਂ ਵਿੱਚ ਪੜ੍ਹਦੇ ਸਨ ਸੁਖਦੇਵ ਉਹਨਾਂ ਨੂੰ ਦੋ ਦਿਨਾਂ ਵਿੱਚ ਹੀ ਪੜ੍ਹ ਲੈਂਦਾ ਸੀ। ਉਸ ਨੇ ਕਦੇ ਵੀ ਨੋਟਸ ਨਹੀਂ ਬਣਾਏ, ਫਿਰ ਵੀ ਸਰਸਰੀ ਪੜ੍ਹੀਆਂ ਕਿਤਾਬਾਂ ਵਿੱਚੋਂ ਉਸ ਕੋਲ਼ੋਂ ਵਿਸਥਾਰ ਵਿੱਚ ਉਦਾਹਰਨਾਂ ਮਹੀਨਿਆਂ ਬਾਅਦ ਵੀ ਪੁੱਛੀਆਂ ਜਾ ਸਕਦੀਆਂ ਸਨ। ਜੇਲ੍ਹ ਵਿਚਲੇ ਸਾਥੀਆਂ ਵਿੱਚੋਂ ਭਗਤ ਸਿੰਘ ਤੋਂ ਬਾਅਦ ਸਮਾਜਵਾਦ ਉੱਪਰ ਸਭ ਤੋਂ ਜ਼ਿਆਦਾ ਜੇ ਕਿਸੇ ਨੇ ਅਧਿਐਨ ਕੀਤਾ ਸੀ ਤਾਂ ਉਹ ਸੁਖਦੇਵ ਸੀ।

ਸੁਖਦੇਵ ਦੇ ਇਨਕਲਾਬੀ ਜੀਵਨ ਉੱਪਰ ਸਭ ਤੋਂ ਵੱਡਾ ਧੱਬਾ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਸਾਹਮਣੇ ਉਸਦਾ  ਬਿਆਨ ਦੇ ਦੇਣਾ ਹੈ। ਇੱਥੇ ਵੀ ਉਸ ਦੀਆਂ ਭਾਵਨਾਵਾਂ ਨੂੰ ਠੀਕ ਤਰ੍ਹਾਂ ਸਮਝਣ ਦੀ ਕੋਸ਼ਿਸ਼ ਨਾ ਕਰਕੇ ਸਾਥੀਆਂ ਨੇ ਉਸ ਦੇ ਉੱਪਰਲੇ ਵਿਹਾਰ ਨੂੰ ਹੀ ਜ਼ਿਆਦਾ ਮਹੱਤਵ ਦਿੱਤਾ। ਹੋਰ ਕੁੱਝ ਵੀ ਹੋਵੇ ਇੱਕ ਗੱਲ ਤਾਂ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਅੰਤ ਤੱਕ ਵੀ ਮੌਤ ਦਾ ਡਰ ਉਸ ਦੇ ਨੇੜੇ ਵੀ ਨਹੀਂ ਸੀ ਫਟਕਿਆ ਅਤੇ ਨਾ ਹੀ ਬਹਾਦਰੀ ਵਿੱਚ ਉਹ ਕਿਸੇ ਤੋਂ ਪਿੱਛੇ ਰਿਹਾ।

ਉਸ ਦਾ ਬਿਆਨ ਦੇਣਾ ਗਲਤ ਸੀ, ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ। ਉਸ ਨਾਲ਼ ਹੋਰ ਕੁੱਝ ਨਹੀਂ ਤਾਂ ਦਲ ਦੇ ਵੱਕਾਰ ਨੂੰ ਕਾਫੀ ਸੱਟ ਪਹੁੰਚੀ, ਪਰ ਇਹ ਬਿਆਨ ਉਸ ਨੇ ਆਪਣੇ ਬਚਾਅ ਦੇ ਖਿਆਲ ਜਾਂ ਦਲ ਨੂੰ ਨੁਕਸਾਨ ਪਹੁੰਚਾਉਣ ਦੇ ਖਿਆਲ ਨਾਲ਼ ਨਹੀਂ ਸੀ ਦਿੱਤਾ। ਉਸ ਨੇ ਉਨ੍ਹਾਂ ਮਕਾਨਾਂ ਅਤੇ ਥਾਵਾਂ ਦਾ ਪਤਾ ਦੱਸਿਆ ਜਿਨ੍ਹਾਂ ਬਾਰੇ ਉਸਨੂੰ ਪਤਾ ਸੀ ਕਿ ਉਹ ਛੱਡੇ ਜਾ ਚੁੱਕੇ ਹਨ, ਸਹਾਰਨਨਪੁਰ ਦੇ ਜਿਸ ਮਕਾਨ ਵਿੱਚ ਮੈਂ, ਡਾ. ਗਯਾ ਪ੍ਰਸਾਦ ਤੇ ਜੈਦੇਵ ਰਹਿ ਰਹੇ ਸਾਂ, ਉਸ ਦਾ ਪਤਾ ਦੋ ਹੀ ਜਣੇ ਜਾਣਦੇ ਸਨ, ਸੁਖਦੇਵ ਅਤੇ ਫਨਿੰਦਰ। ਸੁਖਦੇਵ ਚਾਹੁੰਦਾ ਤਾਂ ਸਾਡਾ ਪਤਾ ਦੇ ਕੇ ਪੁਲਿਸ ਕੋਲ਼ ਆਪਣੀ ਸੱਚਾਈ ਦਾ ਇਮਤਿਹਾਨ ਦੇ ਸਕਦਾ ਸੀ, ਪਰ ਉਸ ਨੇ ਇਸ ਤਰ੍ਹਾਂ ਨਹੀਂ ਕੀਤਾ। ਇਸੇ ਤਰ੍ਹਾਂ ਉਸ ਨੇ ਕਿਸੇ ਵੀ ਵਿਅਕਤੀ ਦਾ ਅਸਲੀ ਨਾਂ ਅਤੇ ਪਤਾ ਵੀ ਪੁਲਿਸ ਨੂੰ ਨਹੀਂ ਦਿੱਤਾ। ਬਿਆਨ ਦੇ ਪਿੱਛੇ ਭਾਵਨਾ ਸੀ- ਹਾਂ ਅਸੀਂ ਇਹ ਸਭ ਕੀਤਾ ਹੈ, ਹੁਣ ਤੁਸੀਂ ਜੋ ਚਾਹੋ ਕਰ ਲਵੋ। ਉਸ ਦੇ ਬਿਆਨ ਨੇ ਸਭ ਤੋਂ ਜਿਆਦਾ ਨੁਕਸਾਨ ਉਸਨੂੰ ਹੀ ਪਹੁੰਚਾਇਆ।

ਮੁਕੱਦਮੇ ਦੌਰਾਨ ਸਫਾਈ ਆਦਿ ਦੇ ਸਵਾਲ ਤੇ ਵੀ ਉਹ ਸਭ ਤੋਂ ਜ਼ਿਆਦਾ ਲਾਪਰਵਾਹ ਰਿਹਾ। ਉਹ ਮੁਕੱਦਮੇ ਦੀ ਪੈਰਵੀ ਵਿੱਚ ਉਸ ਹੱਦ ਤੱਕ ਹਿੱਸਾ ਲੈਣ ਦਾ ਹਾਮੀ ਸੀ ਜਿਸ ਹੱਦ ਤੱਕ ਅਦਾਲਤ ਦੇ ਮੰਚ ਨੂੰ ਇਨਕਲਾਬੀ ਆਦਰਸ਼ਾਂ ਦੇ ਪ੍ਰਚਾਰ ਦੇ ਸਾਧਨ ਦੇ ਰੂਪ ਵਿੱਚ ਵਰਤਿਆ ਜਾ ਸਕੇ। ਦੁਸ਼ਮਣ ਦੀ ਅਦਾਲਤ ਤੋਂ ਨਿਆਂਦੀ ਉਮੀਦ ਰੱਖਣਾ ਉਹ ਨਾਦਾਨੀ ਸਮਝਦਾ ਸੀ। ਦੁਸ਼ਮਣ ਪੱਖ ਦੇ ਕਿਸੇ ਮੁਲਾਜਮ ਤੋਂ, ਭਾਵੇਂ ਉਹ ਅਦਾਲਤ ਦਾ ਹੋਵੇ ਜਾਂ ਜੇਲ੍ਹਾਂ ਦਾ, ਨਾ ਤਾਂ ਉਸਨੇ ਭਲੇਮਾਣਸੀ ਦੀ ਉਮੀਦ ਕੀਤੀ ਅਤੇ ਨਾ ਹੀ ਖੁਦ ਹੀ ਵਰਤਾਅ ਵਿੱਚ ਉਨ੍ਹਾਂ ਪ੍ਰਤੀ ਭਲੇਮਾਣਸੀ ਵਰਤੀ। ਉਸਦਾ ਅਸਲੀ ਰੂਪ ਉਸ ਵੇਲ਼ੇ ਵੇਖਣ ਨੂੰ ਮਿਲ਼ਦਾ ਸੀ ਜਦੋਂ ਕਦੇ ਪੁਲਿਸ ਜਾਂ ਜੇਲ੍ਹ ਵਾਲ਼ਿਆਂ ਨਾਲ਼ ਕੁੱਟਮਾਰ ਹੁੰਦੀ। ਹੱਸ-ਹੱਸ ਕੇ ਮਾਰਨ ਅਤੇ ਮਾਰ ਖਾਣ ਵਿੱਚ ਉਸਨੂੰ ਸੁਆਦ ਆਉਂਦਾ ਸੀ।

ਸੁਖਦੇਵ ਨੂੰ ਇਨਕਲਾਬੀਆਂ ਦੇ ਨਿਸ਼ਾਨੇ ਦੀ ਸਫਲਤਾ ਉੱਪਰ ਜਿੰਨਾ ਅਡੋਲ ਨਿਹਚਾ ਸੀ ਉਸਦਾ ਪ੍ਰਮਾਣ ਫਾਂਸੀ ਤੋਂ ਕੁੱਝ ਦਿਨ ਪਹਿਲਾਂ ਉਸ ਵੱਲੋਂ ਗਾਂਧੀ ਜੀ ਦੇ ਨਾਂ ਲਿਖੀ ਉਸਦੀ ਚਿੱਠੀ ਹੈ, ਇਨਕਲਾਬੀਆਂ ਦਾ ਨਿਸ਼ਾਨਾ ਇਸ ਦੇਸ਼ ਵਿੱਚ ਸਮਾਜਵਾਦੀ ਜਮਹੂਰੀ ਪ੍ਰਬੰਧ ਸਥਾਪਤ ਕਰਨਾ ਹੈ। ਇਸ ਨਿਸ਼ਾਨੇ ਵਿੱਚ ਤਬਦੀਲੀ ਦੀ ਜ਼ਰਾ ਜਿੰਨੀ ਵੀ ਗੁੰਜਾਇਸ਼ ਨਹੀਂ ਹੈ। ਮੇਰਾ ਖਿਆਲ ਹੈ ਕਿ ਤੁਹਾਡੀ ਇਹ ਧਾਰਨਾ ਨਹੀਂ ਹੋਵੇਗੀ ਕਿ ਇਨਕਲਾਬੀ ਤਰਕਹੀਣ ਹੁੰਦੇ ਹਨ ਅਤੇ ਉਨ੍ਹਾਂ ਨੂੰ ਸਿਰਫ ਵਿਨਾਸ਼ਕਾਰੀ ਕੰਮਾਂ ਵਿੱਚ ਹੀ ਅਨੰਦ ਆਉਂਦਾ ਹੈ। ਅਸੀਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਅਸਲ ਵਿੱਚ ਗੱਲ ਇਸ ਤੋਂ ਐਨ ਉਲਟ ਹੈ। ਉਹ ਹਰ ਇੱਕ ਕਦਮ ਅੱਗੇ ਵਧਾਉਣ ਤੋਂ ਪਹਿਲਾਂ ਆਪਣੇ ਆਲ਼ੇ-ਦੁਆਲ਼ੇ ਦੀਆਂ ਹਾਲ਼ਤਾਂ ਉੱਪਰ ਵਿਚਾਰ ਕਰਦੇ ਹਨ। ਉਨ੍ਹਾਂ ਨੂੰ ਹਰ ਵੇਲ਼ੇ ਆਪਣੀ ਜਿੰਮੇਵਾਰੀ ਦਾ ਅਹਿਸਾਸ ਬਣਿਆ ਰਹਿੰਦਾ ਹੈ। ਉਹ ਆਪਣੇ ਇਨਕਲਾਬੀ ਵਿਧਾਨ ਵਿੱਚ ਰਚਨਾਤਮਕ ਕਲਾ ਦੀ ਉਪਯੋਗਤਾ ਨੂੰ ਮੁੱਖ ਥਾਂ ਦਿੰਦੇ ਹਨ, ਭਾਵੇਂ ਮੌਜੂਦਾ ਹਾਲਤਾਂ ਵਿੱਚ ਉਨ੍ਹਾਂ ਨੂੰ ਸਿਰਫ ਵਿਨਾਸ਼ਕਾਰੀ ਹਿੱਸੇ ਵੱਲ ਜ਼ਿਆਦਾ ਧਿਆਨ ਦੇਣਾ ਪਿਆ ਹੈ।

ਉਹ ਦਿਨ ਦੂਰ ਨਹੀਂ ਜਦੋਂ ਉਹਨਾਂ (ਇਨਕਲਾਬੀਆਂ) ਦੀ ਅਗਵਾਈ ਵਿੱਚ ਅਤੇ ਉਹਨਾਂ ਦੇ ਝੰਡੇ ਹੇਠਾਂ ਲੋਕ ਉਹਨਾਂ ਦੇ ਸਮਾਜਵਾਦੀ ਜਮਹੂਰੀਅਤ ਦੇ ਉੱਚੇ ਨਿਸ਼ਾਨੇ ਵੱਲ ਵਧਦੇ ਵਿਖਾਈ ਦੇਣਗੇ।

ਇਸ ਚਿੱਠੀ ਵਿੱਚ ਆਪਣੀ ਫਾਸੀਂ ਦੀ ਸਜਾ ਬਾਰੇ ਇੱਕ ਹੋਰ ਥਾਂ ਤੇ ਉਸ ਨੇ ਲਿਖਿਆ, ਲਾਹੌਰ ਸਾਜਿਸ਼ ਕੇਸ ਦੇ ਤਿੰਨ ਰਾਜਬੰਦੀ ਜਿਨ੍ਹਾਂ ਨੂੰ ਫਾਸੀਂ ਲਾਉਣ ਦਾ ਹੁਕਮ ਹੋਇਆ ਹੈ ਅਤੇ ਜਿਨ੍ਹਾਂ ਨੇ ਸੰਯੋਗ ਨਾਲ਼ ਦੇਸ਼ ਵਿੱਚ ਬਹੁਤ ਵੱਡੀ ਪ੍ਰਸਿੱਧੀ ਹਾਸਲ ਕਰ ਲਈ ਹੈ, ਇਨਕਲਾਬੀ ਦਲ ਦੇ ਸਭ ਕੁੱਝ ਨਹੀਂ ਹਨ। ਅਸਲ ਵਿੱਚ ਇਨ੍ਹਾਂ ਦੀਆਂ ਸਜਾਵਾਂ ਨੂੰ ਬਦਲ ਦੇਣ ਨਾਲ਼ ਦੇਸ਼ ਦੇ ਲੋਕਾਂ ਦਾ ਓਨਾ ਭਲਾ ਨਹੀਂ ਹੋਣਾ ਜਿੰਨ੍ਹਾ ਕਿ ਇਹਨਾਂ ਨੂੰ ਫਾਸੀਂ ਚੜ੍ਹਾ ਦੇਣ ਨਾਲ਼ ਹੋਵੇਗਾ।

ਅਜਿਹਾ ਸੀ ਸੁਖਦੇਵ, ਫੁੱਲ ਤੋਂ ਵੀ ਕੋਮਲ ਅਤੇ ਪੱਥਰ ਤੋਂ ਵੀ ਸਖਤ। ਡਰ ਜੀਹਦੇ ਨੇੜੇ ਵੀ ਨਹੀਂ ਸੀ ਫਟਕਦਾ ਅਤੇ ਦੁਸ਼ਮਣ ਨਾਲ਼ ਸਮਝੌਤੇ ਦੀ ਗੱਲ ਜਿਸਨੇ ਇੱਕ ਪਲ ਖਾਤਰ ਵੀ ਨਹੀਂ ਸੀ ਸੋਚੀ। ਲੋਕਾਂ ਨੇ ਉਸਦੀ ਕਠੋਰਤਾ ਹੀ ਵੇਖੀ ਅਤੇ ਉਸਨੂੰ ਨਾਸਮਝ ਕਹਿ ਕੇ ਉਸ ਨਾਲ਼ ਬਹੁਤ ਵੱਡੀ ਬੇਇਨਸਾਫੀ ਵੀ ਕੀਤੀ, ਪਰ ਉਸ ਨੇ ਕਦੇ ਵੀ ਕਿਸੇ ਨੂੰ ਸ਼ਿਕਾਇਤ ਨਹੀਂ ਕੀਤੀ। ਆਪਣੀਆਂ ਕੋਮਲ ਭਾਵਨਾਵਾਂ ਨਾਲ਼ ਪਿਆਰ ਅਤੇ ਮਮਤਾ ਨੂੰ ਨਿੱਜੀ ਚੀਜ ਸਮਝ ਕੇ ਅੰਤ ਤੱਕ ਉਸ ਨੇ ਉਨ੍ਹਾਂ ਨੂੰ ਆਪਣੇ ਅੰਦਰ ਹੀ ਲੁਕਾਈ ਰੱਖਿਆ।

ਲਲਕਾਰ 1 ਮਈ 2016 ਅੰਕ 'ਚ ਪ੍ਰਕਾਸ਼ਿਤ
Title: Re: Amar Shahid Sukhdev
Post by: Baljit NABHA on May 15, 2018, 06:07:57 PM
http://digitalimages.bhaskar.com/cph/epaperimages/15052018/CPH-173775486-large.jpg