Author Topic: ਛਬੀਲਾਂ ਲਾਉਣ ਵਾਲਿਆਂ ਨੂੰ ਅਪੀਲ  (Read 478 times)

BHARPUR

  • Full Member
  • ***
  • Offline
  • Posts: 653
  • Gender: Male
  • SINGH BHARPUR
    • View Profile
ਗੁਰੂਆਂ-ਪੀਰਾਂ ਅਤੇ ਦੇਵੀ-ਦੇਵਤਿਆਂ ਦੀ ਧਰਤੀ ਪੰਜਾਬ ਵਿੱਚ ਉਨ੍ਹਾਂ ਦੇ ਨਾਂ ਤੇ ਗਰਮੀ ਦੀ ਰੁੱਤ ਵਿੱਚ ਉਨ੍ਹਾਂ ਦੇ ਪੈਰੋਕਾਰਾਂ ਤੇ ਸ਼ਰਧਾਲੂਆਂ ਵੱਲੋਂ ਸੜਕਾਂ ਅਤੇ ਰਸਤਿਆਂ ਉਤੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਜਾਂਦੀਆਂ ਹਨ। ਆਉਣ-ਜਾਣ ਵਾਲੇ ਲੋਕਾਂ ਨੂੰ ਪਿਆਰ, ਸਤਿਕਾਰ ਤੇ ਸ਼ਰਧਾ ਭਾਵ ਨਾਲ ਜਲ ਛਕਾਇਆ ਜਾਂਦਾ ਹੈ। ਇਹ ਸਾਡੇ ਵਿਰਸੇ ਦੀ ਮਹਾਨ ਰਵਾਇਤ ਹੈ। ਸਾਡੇ ਮੁਲਕ ਦੇ ਲੋਕ ਜਿਨ੍ਹਾਂ-ਜਿਨ੍ਹਾਂ ਵਿਦੇਸ਼ੀ ਮੁਲਕਾਂ ਵਿੱਚ ਜਾ ਕੇ ਵਸੇ ਹਨ, ਉਥੇ ਵੀ ਆਪਣੀ ਇਸ ਮਾਣਮੱਤੀ ਰਵਾਇਤ ਨੂੰ ਨਾਲ ਲੈ ਕੇ ਉਹ ਗਏ ਹਨ। ਇਸ ਤੋਂ ਵਿਦੇਸ਼ੀ ਲੋਕ ਵੀ ਡਾਢੇ ਪ੍ਰਭਾਵਿਤ ਹੋਏ ਹਨ।
ਹੁਣ ਜਦੋਂ ਭੌਤਿਕਵਾਦ, ਬਾਜ਼ਾਰਵਾਦ, ਨਿੱਜਵਾਦ ਅਤੇ ਸੁਆਰਥ ਨੇ ਹਰੇਕ ਤਰ੍ਹਾਂ ਦੇ ਸਭਿਆਚਾਰ ਨੂੰ ਖੋਰਾ ਲਾਉਣਾ ਸ਼ੁਰੂ ਕੀਤਾ ਹੋਇਆ ਹੈ, ਉਦੋਂ ਵੀ ਸਾਡੇ ਚੋਂ ਬਹੁਤ ਸਾਰੇ ਲੋਕਾਂ ਨੇ ਪਿਆਸਿਆਂ ਨੂੰ ਪਾਣੀ ਪਿਆਉਣ ਤੇ ਭੁੱਖਿਆ ਨੂੰ ਭੋਜਨ ਛਕਾਉਣ ਵਾਲੀ ਰਵਾਇਤ ਨੂੰ ਕਾਇਮ ਰੱਖਿਆ ਹੋਇਆ ਹੈ। ਬੋਤਲ-ਬੰਦ ਮਹਿੰਗਾ ਪਾਣੀ ਵਿਕਣ ਦੇ ਦੌਰ ਅੰਦਰ ਥਾਂ-ਥਾਂ ਲੱਗਦੀਆਂ ਛਬੀਲਾਂ ਵੇਖ ਕੇ ਛਬੀਲਾਂ ਲਾਉਣ ਵਾਲਿਆਂ ਨੂੰ ਹਰ ਕੋਈ ਅਦਬ-ਸਤਿਕਾਰ ਦੀ ਨਿਗ੍ਹਾ ਨਾਲ ਵੇਖਦਾ ਹੈ, ਉਨ੍ਹਾਂ ਦੀ ਤਾਰੀਫ ਕਰਦਾ ਹੈ ਅਤੇ ਹੌਸਲਾ-ਅਫਜ਼ਾਈ ਵੀ ਕਰਦਾ ਹੈ।
ਇਸ ਤੱਥ ਤੋਂ ਅਸੀਂ ਹੁਣ ਵਾਕਫ ਹੀ ਹਾਂ ਕਿ ਸਾਡੀ ਧਰਤੀ ਦਾ ਉਪਰਲਾ ਪਾਣੀ ਤਾਂ ਪ੍ਰਦੂਸ਼ਿਤ ਹੋ ਹੀ ਚੁੱਕਾ ਹੈ, ਬਹੁਤ ਸਾਰੀਆਂ ਥਾਵਾਂ ਤੇ ਧਰਤੀ ਹੇਠਲਾ ਡੂੰਘਾ ਪਾਣੀ ਵੀ ਪੀਣਯੋਗ ਨਹੀਂ ਰਿਹਾ। ਇਸ ਪਾਣੀ ਵਿੱਚ ਕਈ ਪ੍ਰਕਾਰ ਦੇ ਜ਼ਹਿਰੀਲੇ ਤੱਤ ਘੁਲ-ਮਿਲ ਚੁੱਕੇ ਹਨ। ਇਹ ਪਾਣੀ ਕਈ ਰੋਗ ਪੈਦਾ ਕਰਨ ਦਾ ਕਾਰਨ ਬਣ ਰਿਹਾ ਹੈ। ਇਸੇ ਲਈ ਪਿੰਡਾਂ-ਕਸਬਿਆਂ ਅਤੇ ਸ਼ਹਿਰਾਂ ਵਿੱਚ ਆਰ.ਓ. ਸਿਸਟਮ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਪਿੰਡਾਂ ਤੇ ਸ਼ਹਿਰਾਂ ਦੇ ਸਰਦੇ-ਪੁੱਜਦੇ ਲੋਕ ਐਕੁਆ ਸਿਸਟਮ, ਫਿਲਟਰ ਸਿਸਟਮ ਆਦਿ ਦਾ ਇਸਤੇਮਾਲ ਕਰਕੇ ਪਾਣੀ ਨੂੰ ਸ਼ੁੱਧ ਕਰਨ ਉਪਰੰਤ ਪੀਂਦੇ ਹਨ। ਗਰੀਬ ਲੋਕ ਜਿਹੋ ਜਿਹਾ ਵੀ ਪਾਣੀ ਮਿਲਦਾ ਹੈ, ਉਹ ਪੀ ਕੇ ਗੁਜ਼ਾਰਾ ਕਰਦੇ ਹਨ ਅਤੇ ਕਈ ਵਾਰ ਰੋਗਾਂ ਦਾ ਸ਼ਿਕਾਰ ਹੋ ਜਾਂਦੇ ਹਨ। ਜਦੋਂ ਪਾਣੀ ਦਾ ਇਹ ਹਾਲ ਹੈ, ਉਦੋਂ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਾਉਣ ਵਾਲਿਆਂ ਨੂੰ ਕੁਝ ਨੁਕਤਿਆਂ ਬਾਰੇ ਚੌਕਸ ਰਹਿਣ ਦੀ ਅਪੀਲ ਕਰਨੀ ਵਾਜਬ ਜਾਪਦੀ ਹੈ। ਇਹ ਨੁਕਤੇ ਹਨ:
* ਸ਼ੁੱਧ ਪਾਣੀ ਦਾ ਇੰਤਜ਼ਾਮ ਕਰਕੇ ਹੀ ਵਰਤਿਆ ਜਾਵੇ।
* ਪਾਣੀ ਨੂੰ ਠੰਢਾ ਕਰਨ ਵਾਲੀ ਬਰਫ ਸਾਫ-ਸੁਥਰੀ ਤੇ ਕੀਟਾਣੂੰ ਰਹਿਤ ਹੋਵੇ।
* ਪਾਣੀ ਚ ਮਿਲਾਉਣ ਲਈ ਤਾਜ਼ਾ, ਕੜ੍ਹਿਆ, ਸ਼ੁੱਧ ਦੁੱਧ ਅਤੇ ਵਧੀਆ ਸ਼ਰਬਤ ਹੋਵੇ।
* ਜਲ ਸਟੋਰ ਕਰਨ ਵਾਲੇ ਟੱਬ ਅਤੇ ਵਰਤਾਉਣ ਵਾਲੇ ਜੱਗ ਤੇ ਗਿਲਾਸ ਚੰਗੀ ਤਰ੍ਹਾਂ ਧੋ-ਮਾਂਜ ਲਏ ਜਾਣ। ਛਬੀਲ ਵਾਲੇ ਜਲ ਨੂੰ ਢਕ ਕੇ ਰੱਖਿਆ ਜਾਵੇ।
* ਜੂਠੇ ਗਲਾਸਾਂ ਨੂੰ ਲਾਲ ਦਵਾਈ ਵਾਲੇ ਘੋਲ ਵਾਲੇ ਪਾਣੀ ਨਾਲ ਜਾਂ ਫਿਰ ਵਧੀਆ ਕਿਸਮ ਦੇ ਕੀਟਾਣੂੰਨਾਸ਼ਕ ਪਦਾਰਥਾਂ ਨਾਲ ਧੋਇਆ ਜਾਵੇ।
* ਛਬੀਲਾਂ ਦਾ ਜਲ ਵਰਤਾਉਣ ਵਾਲਿਆਂ ਨੂੰ ਪੂਰੀ ਸਾਫ-ਸਫਾਈ ਦਾ ਖਿਆਲ ਰੱਖਣਾ ਚਾਹੀਦਾ ਹੈ। ਉਹ ਗਲਾਸਾਂ ਵਿੱਚ ਉਂਗਲਾਂ ਪਾ ਕੇ ਗਲਾਸ ਨਾ ਫੜਨ ਤੇ ਨਾ ਹੀ ਉਨ੍ਹਾਂ ਨੂੰ ਭੂੰਜੇ ਰੱਖਣ। ਉਹ ਜਿੱਥੇ ਸਫਾਈ, ਉਥੇ ਖੁਦਾਈ। ਜੀਵੇ ਸਭ ਲੋਕਾਈ। ਵਰਗੇ ਕਥਨ ਦਾ ਖਾਸ ਖਿਆਲ ਰੱਖਣ।
* ਕਿਸੇ ਕਿਸਮ ਦੇ ਰੋਗ ਤੋਂ ਪੀੜਤ ਵਿਅਕਤੀ ਨੂੰ ਛਬੀਲ ਦਾ ਜਲ ਜਾਂ ਲੰਗਰ ਦਾ ਭੋਜਨ ਵਰਤਾਉਣ ਵਾਲੇ ਕੰਮ ਚ ਨਹੀਂ ਲਾਉਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਹੋਰ ਲੋਕਾਂ ਨੂੰ ਰੋਗ ਦੇ ਕੀਟਾਣੂੰ ਪ੍ਰਭਾਵਿਤ ਕਰ ਸਕਦੇ ਹਨ।
* ਛਬੀਲਾਂ ਦਾ ਜਲ ਪਿਆਉਣ ਮੌਕੇ ਜਾਂ ਕਿਸੇ ਹੋਰ ਮੌਕੇ ਕਿਸੇ ਕਿਸਮ ਦਾ ਲੰਗਰ ਜੇਕਰ ਨਾਲ ਵਰਤਾਇਆ ਜਾਂਦਾ ਹੈ ਤਾਂ ਖਾਣ ਵਾਲੀਆਂ ਵਸਤਾਂ ਤਿਆਰ ਕਰਨ ਤੇ ਵਰਤਾਉਣ ਸਮੇਂ ਵੀ ਪੂਰੀ ਸਾਫ-ਸਫਾਈ ਦਾ ਖਿਆਲ ਰੱਖਿਆ ਜਾਵੇ।
* ਪਲਾਸਟਿਕ ਦੇ ਡਿਸਪੋਜ਼ੇਬਲ ਗਲਾਸ, ਪਲੇਟਾਂ ਜਾਂ ਡੂਨੇ ਵਰਤਣ ਦੀ ਥਾਂ ਸਟੀਲ ਦੇ ਬਰਤਨ ਪੱਤਿਆਂ ਦੇ ਪੱਤਲ ਅਤੇ ਡੂਨੇ ਹੀ ਵਰਤੇ ਜਾਣ। ਪਲਾਸਟਿਕ ਦੇ ਕਚਰੇ ਨੂੰ ਸਾਂਭਣਾ ਤੇ ਬਿੱਲੇ ਲਾਉਣਾ ਬਹੁਤ ਅੌਖਾ ਹੈ। ਇਸ ਕਚਰੇ ਨੇ ਪਹਿਲਾਂ ਹੀ ਸਾਡੇ ਵਾਤਾਵਰਨ ਨੂੰ ਕਾਫੀ ਪ੍ਰਦੂਸ਼ਿਤ ਕਰ ਰੱਖਿਆ ਹੈ।
∙ ਛਬੀਲਾਂ ਅਤੇ ਲੰਗਰ ਲਾਉਣ ਵਾਲੀਆਂ ਥਾਵਾਂ ਸਾਫ-ਸੁਥਰੀਆਂ ਹੋਣ ਅਤੇ ਇਨ੍ਹਾਂ ਦੀ ਸਮਾਪਤੀ ਤੋਂ ਬਾਅਦ ਸਭ ਕਿਸਮ ਦਾ ਕਚਰਾ ਇਕੱਠਾ ਕਰਕੇ ਉਸ ਨੂੰ ਠੀਕ ਢੰਗ ਨਾਲ ਖਪਾਇਆ ਜਾਵੇ। ਜੇ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਆਪਣੇ ਚੌਗਿਰਦੇ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਚੰਗਾ ਲੋਕ ਸੁਨੇਹਾ ਵੀ ਦਿਆਂਗੇ। ਨੂਰ ਸੰਤੋਖਪੁਰੀ